ਆਈਜੀ ਦੀ ਗ੍ਰਿਫ਼ਤਾਰੀ ਬਾਦਲਾਂ ਦੀ ਜੇਲ੍ਹ !

Tags

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਹਲਕਿਆਂ ਵਿੱਚ ਭੂਚਾਲ ਆ ਗਿਆ ਹੈ। ਚਰਚਾ ਹੈ ਕਿ ਹੁਣ ਹੋਰ ਵੱਡੇ ਅਫਸਰਾਂ ਦੀ ਵੀ ਸ਼ਾਮਤ ਆ ਸਕਦੇ ਹੈ। ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਅੱਜ ਉਮਰਾਨੰਗਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਏਗੀ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਤਾਂ ਉਮਰਾਨੰਗਲ ਤੋਂ ਕੀਤੀ ਜਾਣ ਵਾਲੀ ਤਫ਼ਤੀਸ਼ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡੀਜੀਪੀ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਜਾ ਸਕਦਾ ਹੈ। ਚਰਚਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਇਸ ਮਾਮਲੇ 'ਤੇ ਵੱਡੀ ਕਾਰਵਾਈ ਕਰਨਾ ਚਾਹੁੰਦੀ ਹੈ।

ਸਿੱਟ ਨੇ ਦਾਅਵਾ ਕੀਤਾ ਹੈ ਕਿ ਉਮਰਾਨੰਗਲ ਨੇ ਪੁੱਛਗਿੱਛ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਨੇ ਸਾਰੇ ਸਵਾਲਾਂ ਦਾ ਜਵਾਬ ਗੋਲਮੋਲ ਦਿੱਤਾ ਹੈ। ਇਸ ਕਰਕੇ ਹਾਲਤ ਹੋਰ ਸ਼ੱਕੀ ਹੋ ਗਈ ਹੈ। ਉਮਰਾਨੰਗਲ 'ਤੇ ਸਭ ਤੋਂ ਵੱਡਾ ਸਵਾਲ ਉਹ ਹੀ ਹੈ ਕਿ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੁੰਦਿਆਂ ਫਰੀਦਕੋਟ ਕਿਉਂ ਗਏ। ਉਨ੍ਹਾਂ ਨੇ ਹੀ ਬਹਿਬਲ ਗੋਲੀ ਕਾਂਡ ਵੇਲੇ ਪੁਲਿਸ ਦੀ ਕਮਾਨ ਕਿਉਂ ਸੰਭਾਲੀ। ਯਾਦ ਰਹੇ ਸੌਮਵਾਰ ਨੂੰ ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲਿਆਂ ਨਾਲ ਜੁੜੇ ਇਸ ਵਿਵਾਦਤ ਪੁਲਿਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਸੈਕਟਰ-9 ਵਿਚਲੇ ਪੁਲਿਸ ਹੈੱਡਕੁਆਰਟਰ ਦੀ ਇਮਾਰਤ ’ਚੋਂ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ। ਉਮਰਾਨੰਗਲ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਐਸਆਈਟੀ ਉਸ ਨੂੰ ਫ਼ਰੀਦਕੋਟ ਲੈ ਗਈ ਸੀ।


EmoticonEmoticon