ਕਾਂਗਰਸੀ ਨੇਤਾ ਕਹਿੰਦਾ ਮੈਂ ਨੀਂ ਕਾਂਗਰਸ ਚ ਰਹਿਣਾਂ ਤੂੰ ਅਰੂਸਾ ਹੀ ਰਖਲੈ

Tags

ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਅਤੇ ਪਹਿਲਾਂ ਤਾਂ ਦੱਬੀ ਜੁਬਾਨ ਵਿੱਚ ਪਾਰਟੀ ਦੇ ਲੀਡਰ ਗੱਲਾਂ ਕਰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਵਰਕਰਾਂ ਦੀ ਸਾਰ ਨਹੀਂ ਲੈਂਦੇ ਪਰ ਅੱਜ ਤਾਂ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅੰਦਰਖਾਤੇ ਧੁੱਖਦੀ ਚਿੰਗਾਰੀ ਪੂਰੀ ਤਰ੍ਹਾਂ ਮਚਦੀ ਨਜ਼ਰ ਆਈ। ਕਾਂਗਰਸ ਦੇ ਸਪੋਕਸਮੈਨ ਗੁਰਵਿੰਦਰ ਸਿੰਘ ਬਾਲੀ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਬਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧਾ ਸਿੱਧਾ ਚੈਲੰਜ ਕਰ ਦਿੱਤਾ ਤੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਉਨ੍ਹਾਂ ਦੀ ਲੜਾਈ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਹੋਵੇਗੀ। ਬਾਲੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਕੈਪਟਨ ਦੇ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵਿਆਂ ਨੂੰ ਵੀ ਰੱਦ ਕਰਦੇ ਹਨ ਤੇ ਪਤਾ ਲੱਗ ਜਾਵੇਗਾ ਕਿ ਲੋਕਸਭਾ ਚੋਣਾਂ ਵਿੱਚ ਕਿੰਨੀਆਂ ਸੀਟਾਂ ਮਿਲਣੀਆਂ ਹਨ।

ਬਾਲੀ ਜੋ ਬੜੇ ਹੀ ਗੁੱਸੇ ਵਿੱਚ ਨਜ਼ਰ ਆ ਰਹੇ ਸਨ ਨੇ ਆਉਂਦੇ ਦਿਨਾਂ ਵਿੱਚ ਹੋਰ ਵੀ ਕਈ ਖੁਲਾਸੇ ਕਰਨ ਦੀ ਗੱਲ ਕਹੀ ਤੇ ਨਾਲ ਹੀ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਤੇ ਵੀ ਆਪਣੀ ਸੂਈ ਰੱਖਦਿਆਂ ਕਿਹਾ ਇਨ੍ਹਾਂ ਦੋਵਾਂ ਅਹੁਦੇਦਾਰਾਂ ਵੱਲੋਂ ਵੀ ਆਪਣਾ ਰੋਲ ਚੰਗੀ ਤਰ੍ਹਾਂ ਨਹੀਂ ਨਿਭਾਇਆ ਜਾ ਰਿਹਾ। ਜ਼ਿਕਰਯੋਗ ਹੈ ਕਿ ਲੋਕਸਭਾ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਪਹਿਲਾਂ ਵੀ ਕਈ ਆਗੂ ਨਾਰਾਜ਼ ਹੋਏ ਸਨ ਤੇ ਜਨਤਕ ਤੌਰ ਤੇ ਬਿਆਨਬਾਜੀ ਵੀ ਹੁੰਦੀ ਰਹੀ ਹੈ। ਇਹ ਵੀ ਚਰਚਾ ਵਿੱਚ ਹੈ ਕਿ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਜਿਸ ਨੂੰ ਟਿਕਟਾਂ ਦੇਣ ਦੀ ਗੱਲ ਕਹੀ ਸੀ ਹਾਈਕਮਾਨ ਨੇ ਉਸੇ ਦੀਆਂ ਟਿਕਟਾਂ ਤੇ ਹੀ ਮੋਹਰ ਲਗਾਈ ਹੈ ਜਿਸ ਕਰਕੇ ਵਰਕਰਾਂ ਵਿੱਚ ਨਿਰਾਸ਼ਾ ਅਤੇ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ।

ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਹੈ ਕਿ ਹਾਈਕਮਾਨ ਨੂੰ ਸਿਰਫ ਤੇ ਸਿਰਫ ਇੱਕ ਇੱਕ ਨਾਮ ਹੀ ਪੈਨਲ ਵਿੱਚ ਭੇਜਿਆ ਗਿਆ ਸੀ ਜਦਕਿ ਇੱਕ ਇੱਕ ਹਲਕੇ ਤੋਂ ਕਈ ਕਈ ਵਰਕਰਾਂ ਨੇ ਅਪਲਾਈ ਕੀਤਾ ਸੀ ਜਿਸ ਨੂੰ ਟਿਕਟ ਦੇਣੀ ਸੀ ਉਸ ਦਾ ਨਾਮ ਪੈਨਲ ਵਿੱਚ ਪਾ ਕੇ ਕੈਪਟਨ, ਜਾਖੜ ਅਤੇ ਆਸ਼ਾ ਕੁਮਾਰੀ ਨੇ ਹਾਈਕਮਾਨ ਨੂੰ ਭੇਜ ਕੇ ਵਰਕਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਹੁਣ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਉੱਠ ਰਹੀਆਂ ਬਗਾਵਤੀ ਸੁਰਾਂ ਪਾਰਟੀ ਦੀ ਦਿਸ਼ਾ ਨੂੰ ਕਿਸ ਪਾਸੇ ਵੱਲ ਲੈ ਕੇ ਜਾਣਗੀਆਂ ਇਸ ਦਾ ਪਤਾ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਲੱਗੇਗਾ ਪਰ ਇਨਾਂ ਜ਼ਰੂਰ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਤੇ ਆਉਂਦੇ ਦਿਨਾਂ ਵਿੱਚ ਹੋਰ ਸਿਆਸੀ ਵਿਸਫੋਟ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।


EmoticonEmoticon