ਭਗਵੰਤ ਮਾਨ ਹੁਣ ਕੱਢੂਗਾ ਫਿਲਮ, ਘੁੱਗੀ ਨੂੰ ਖੁੱਲ੍ਹਾ ਚੈਲੇਂਜ

ਲੋਕ ਸਭਾ ਹਲਕਾ ਸੰਗਰੂਰ ਵਿੱਚ ਹਾਲਾਤ ਹਾਸੋਹੀਣੇ ਬਣ ਗਏ ਹਨ। ਇੱਥੋਂ ਤੋਂ ਮੌਜੂਦਾ ਸੰਸਦ ਮੈਂਬਰ ਤੇ ਹਾਸਰਸ ਕਲਾਕਾਰ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਟੱਕਰਨ ਲਈ ਕਾਂਗਰਸ ਨੇ ਵੀ ਕਾਮੇਡੀਅਨ ਉਤਾਰ ਦਿੱਤਾ ਹੈ। ਕਾਮੇਡੀਅਨ ਗੁਰਪ੍ਰੀਤ ਘੁੱਗੀ, ਜੋ ਭਗਵੰਤ ਮਾਨ ਦੀ ਪਾਰਟੀ ਵਿੱਚੋਂ ਹੀ ਗਏ ਤੇ ਉਨ੍ਹਾਂ ਦਾ ਅਹੁਦਾ ਸੰਭਾਲ ਚੁੱਕੇ ਹਨ। ਹੁਣ ਦੋਵੇਂ ਜਣੇ ਆਪੋ ਆਪਣੇ ਹਲਕੇ ਵਿੱਚ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ ਪਰ ਨਾਲੋ-ਨਾਲ ਇੱਕ ਦੂਜੇ 'ਤੇ ਤਿੱਖੇ ਨਿਸ਼ਾਨੇ ਵੀ ਲਾ ਰਹੇ ਹਨ।


ਸਾਬਕਾ ਸਿਆਸਤਦਾਨ ਗੁਰਪ੍ਰੀਤ ਘੁੱਗੀ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਘੁੱਗੀ ਦੇ ਨਿਸ਼ਾਨੇ 'ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਹਨ। ਘੁੱਗੀ ਨੇ ਕਿਹਾ ਕਿ ਜਦੋਂ ਸਾਡਾ ਕਲਾਕਾਰ ਸਾਥੀ (ਭਗਵੰਤ ਮਾਨ) ਜਿੱਤਿਆ ਸੀ ਤਾਂ ਸਾਰੇ ਸਾਥੀ ਕਲਾਕਾਰਾਂ ਨੇ ਖੁਸ਼ੀ ਮਨਾਈ ਸੀ, ਪਰ ਹੁਣ ਸਾਥੀ ਵੀ ਮੋਦੀ ਦੇ ਰਸਤੇ ਹੀ ਤੁਰ ਪਿਆ ਹੈ ਤੇ ਕਾਮੇਡੀ ਦੇ ਅੰਨ੍ਹੇ ਭਗਤ ਬਣਾਉਣ ਲੱਗਾ ਹੈ।

ਘੁੱਗੀ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਤੇ ਹੁਣ ਭਗਵੰਤ ਮਾਨ ਸਾਡਾ ਸਾਥੀ ਹੈ ਪਰ ਉਸ ਦੀਆਂ ਜੁਰਾਬਾਂ ਵਿੱਚ ਹੀ ਵੜਿਆ ਰਹਿੰਦਾ ਹੈ। ਉਨ੍ਹਾਂ ਕੇਜਰੀਵਾਲ ਦੇ ਰੋਡ ਸ਼ੋਅ ਬਾਰੇ ਇਹ ਵੀ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਇਨ੍ਹਾਂ ਨੂੰ ਦੌਰੇ ਪੈਣ ਲੱਗਦੇ ਹਨ ਵੈਸੇ ਪੰਜਾਬ ਦੀ ਯਾਦ ਨਹੀਂ ਆਉਂਦੀ।

ਕਦੇ ਮੋਟਰਸਾਇਕਲ, ਕਦੇ ਟਰੈਕਟਰ 'ਤੇ ਹੁਣ ਮਾਨ ਨੇ ਕਰਤਾ ਨਵਾਂ ਹੀ ਕਾਰਾ

ਲੋਕ ਸਭਾ ਹਲਕਾ ਸੰਗਰੂਰ ਦੇ 15,39,432 ਵੋਟਰ 19 ਮਈ ਨੰੂ ਦੋ ਪਾਰਟੀਆਂ ਦੇ ਪ੍ਰਧਾਨਾਂ, ਇਕ ਵਿਧਾਇਕ, ਇਕ ਸਾਬਕਾ ਵਿਧਾਇਕ ਸਮੇਤ 25 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਸ ਸਮੇਂ ਇਸ ਹਲਕੇ ਤੋਂ 'ਆਪ' ਦੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਫਿਰ ਤੋਂ ਉਮੀਦਵਾਰ ਹਨ | ਹਲਕਾ ਲਹਿਰਾ ਤੋਂ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਹੁਣ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਇਸ ਹਲਕੇ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ ਜਦਕਿ ਕਾਂਗਰਸ ਵਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਮੈਦਾਨ 'ਚ ਹਨ | 


ਗੱਲ ਤੀਜੀ ਧਿਰ ਆਪ ਦੀ ਕਰੀਏ ਤਾਂ 'ਆਪ' ਨੇ ਸੂਬੇ 'ਚ ਆਪਣੀ ਸਾਖ ਬਚਾਉਣ ਲਈ ਇਸ ਲੋਕ ਸਭਾ ਸੀਟ ਨੰੂ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ | 2014 'ਚ ਇਸ ਸੀਟ ਤੋਂ ਭਗਵੰਤ ਮਾਨ ਨੇ 533237 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਸੀ | 2019 'ਚ ਸਥਿਤੀ ਇਹ ਹੈ ਕਿ ਭਦੌੜ ਹਲਕੇ ਤੋਂ ਪਾਰਟੀ ਦਾ ਇਕ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਬਾਗੀ ਧੜੇ ਦੇ ਨਾਲ ਖੜ੍ਹਾ ਹੈ ਜਦਕਿ ਕਈ ਆਗੂ ਤਾਂ ਪੰਜਾਬ ਏਕਤਾ ਪਾਰਟੀ 'ਚ ਸ਼ਾਮਿਲ ਹੋ ਗਏ ਹਨ ਜਦਕਿ ਕਈਆਂ ਨੇ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ | ਅਜਿਹੀ ਸਥਿਤੀ 'ਚ 'ਆਪ' ਲਈ ਲੋਕ ਸਭਾ 2014 ਜਾਂ ਵਿਧਾਨ ਸਭਾ ਚੋਣਾਂ 2017 ਵਾਲੀ ਸਥਿਤੀ ਨੰੂ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੋਵੇਗੀ | ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ 2004 ਤੋਂ ਬਾਅਦ 15 ਸਾਲਾਂ ਦੇ ਵਕਫੇ ਪਿੱਛੋਂ ਮੁੜ ਪਹਿਲੇ ਨੰਬਰ 'ਤੇ ਆਉਣ ਲਈ ਪੂਰੀ ਤਰ੍ਹਾਂ ਇਕਮੁੱਠ ਹੈ |

ਧਰਮਿੰਦਰ ਦਾ ਸੁਨੀਲ ਜਾਖੜ ਤੇ ਵੱਡਾ ਬਿਆਨ

ਆਪਣੇ ਪੁੱਤਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਾਲੀਵੁੱਡ ਕਲਾਕਾਰ ਧਰਮਿੰਦਰ ਪੰਜਾਬ ਆ ਗਏ ਹਨ। ਇੱਥੇ ਆ ਕੇ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦੇ ਪੁੱਤਾਂ ਵਰਗਾ ਹੈ। ਇਹ ਬਿਆਨ ਸੁਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਆਖ਼ਰ ਧਰਮਿੰਦਰ ਆਪਣੇ ਪੁੱਤਰ ਦੇ ਵਿਰੋਧੀ ਉਮੀਦਵਾਰ ਨੂੰ ਧਰਮਿੰਦਰ ਆਪਣੇ ਪੁੱਤ ਸਮਾਨ ਕਿਓਂ ਕਹਿ ਰਹੇ ਹਨ।
ਦਰਅਸਲ, ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਨਾਲ ਧਰਮਿੰਦਰ ਦਾ ਪੁਰਾਣਾ ਤੇ ਨਿੱਘਾ ਰਿਸ਼ਤਾ ਰਿਹਾ ਹੈ। ਜਦੋਂ ਭਾਜਪਾ ਨੇ ਧਰਮਿੰਦਰ ਨੂੰ ਲੋਕ ਸਭਾ ਚੋਣਾਂ ਲਈ ਰਾਜਸਥਾਨ ਦੇ ਚੁਰੂ ਤੋਂ ਲੜਨ ਲਈ ਕਿਹਾ ਸੀ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਕਾਰਨ ਸੀ ਕਿ ਚੁਰੂ ਤੋਂ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੇ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਬਲਰਾਮ ਜਾਖੜ ਲਈ ਚੋਣ ਪ੍ਰਚਾਰ ਵੀ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਲੜਨ ਦਾ ਵੀ ਆਫਰ ਆਇਆ ਸੀ। ਧਰਮਿੰਦਰ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਮੈਨੂੰ ਪਿਆਰ ਕਰਦੇ ਅਤੇ ਪਰਨੀਤ ਕੌਰ ਮੈਨੂੰ ਭਰਾ ਮੰਨਦੀ ਹੈ। ਧਰਮਿੰਦਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਇੱਥੇ ਭਾਸ਼ਣ ਕਰਨ ਨਹੀਂ ਆਇਆ, ਗੱਲਾਂ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਕੋਈ ਸਿਆਸਤਦਾਨ ਨਹੀਂ ਅਤੇ ਅਸੀਂ ਇੱਥੇ ਬਹਿਸ ਕਰਨ ਨਹੀਂ ਲੋਕਾਂ ਦੇ ਦਰਦ ਸੁਣਨ ਆਏ ਹਾਂ। ਧਰਮਿੰਦਰ ਨੇ ਕਿਹਾ ਕਿ ਅਸੀਂ ਚਲਾਕ ਲੋਕ ਨਹੀਂ, ਭਾਵੁਕ ਹਾਂ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਨੇ ਵੀ ਚੰਗਾ ਕੰਮ ਕੀਤਾ ਅਤੇ ਹੁਣ ਅਸੀਂ ਗੁਰਦਾਸਪੁਰ 'ਚ ਰੱਜ ਕੇ ਕੰਮ ਕਰਾਵਾਂਗੇ।

ਭਗਵੰਤ ਮਾਨ ਨੇ ਬੁਝਾਈ ਅੱਗ, ਖੇਤਾਂ 'ਚ ਬਚਾਇਆ ਨੁਕਸਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਖੇਤਾਂ ਵਿਚ ਲੱਗੀ ਅੱਗ ਬੁਝਾਉਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਹੱਥ ਵਿਚ ਦਰਖਤ ਦੀ ਟਾਹਣੀ ਫੜ੍ਹੀ ਅੱਗ ਬੁਝਾਉਣ ਵਿਚ ਮਦਦ ਕਰ ਰਹੇ ਹਨ। ਬਾਅਦ ਵਿਚ ਇਸ ਵੀਡੀਓ ਨੂੰ ਭਗਵੰਤ ਮਾਨ ਨੇ ਆਪਣੇ ਫੇਸਬੁਕ ਪੇਜ ਉਤੇ ਸਾਂਝਾ ਕੀਤਾ ਹੈ। 
ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਲਹਿਰਾਗਾਗਾ ਦੇ ਅਨਦਾਣਾ ਪਿੰਡ ਦੇ ਖੇਤਾਂ ਵਿਚ ਬਣੇ ਘਰ ਵਿੱਚੋਂ ਦੋ ਬੱਚੇ ਅਤੇ ਉਨ੍ਹਾਂ ਦੀ ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਿੰਡ ਵਾਸੀਆਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਅੱਗ 'ਤੇ ਵੀ ਕਾਬੂ ਪਾ ਲਿਆ ਗਿਆ। ਹਾਲਾਂਕਿ, ਤੇਜ਼ ਹਵਾਵਾਂ ਵਗ ਰਹੀਆਂ ਸਨ ਤੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ, ਪਰ ਸਮਾਂ ਰਹਿੰਦੇ ਅੱਗ ਬੁਝਾ ਲਈ ਗਈ।

ਆਹ ਖਬਰ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ

ਸਰਕਾਰਾਂ ਵਲੋਂ ਆਪਣੇ ਨਾਗਰਿਕਾਂ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਡੰਗ-ਟਪਾਊ ਹੀ ਸਾਬਤ ਹੁੰਦੀਆਂ ਹਨ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਪੈਸਿਆਂ ਨਾਲ ਕੇਂਦਰ ਸਰਕਾਰ ਦੀ ਸਮੈਸਟਰ ਸਿੱਖਿਆ ਨੀਤੀ ਤਹਿਤ 8ਵੀਂ ਜਮਾਤ ਤੱਕ ਦੀਆਂ ਸਾਰੀਆਂ ਲੜਕੀਆਂ ਤੇ ਦਲਿਤ ਲੜਕੀਆਂ ਨੂੰ ਸਰਦੀਆਂ-ਗਰਮੀਆਂ ਦੀਆਂ ਵਰਦੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। 
ਜ਼ਿਲੇ ਦੇ ਵੱਖ-ਵੱਖ ਸਕੂਲਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸਰਦੀਆਂ ਦੀਆਂ ਵਰਦੀਆਂ ਅਪ੍ਰੈਲ (ਗਰਮੀਆਂ) 'ਚ ਮਿਲ ਰਹੀਆਂ ਹਨ।  ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਵਰਦੀਆਂ ਲਈ ਵਰਤਿਆ ਗਿਆ ਕੱਪੜਾ ਬੇਹੱਦ ਘਟੀਆ ਕਿਸਮ ਦਾ ਹੈ ਅਤੇ ਇਹ ਵਰਦੀਆਂ ਬਿਨਾਂ ਨਾਪ ਲਏ ਸਟਿੱਚ ਕਰਵਾ ਦਿੱਤੀਆਂ ਗਈਆਂ ਹਨ। 

ਸੂਤਰਾਂ ਅਨੁਸਾਰ ਟੈਂਡਰ ਰਾਹੀਂ ਇਕ ਫਰਮ ਤੋਂ ਵਰਦੀਆਂ ਤਿਆਰ ਕਰਵਾਈਆਂ ਗਈਆਂ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਇਸ ਵਾਰ 400 ਰੁਪਏ ਦੀ ਥਾਂ 600 ਰੁਪਏ ਪ੍ਰਤੀ ਵਿਦਿਆਰਥੀ ਕੇਂਦਰ ਸਰਕਾਰ ਵਲੋਂ ਭੇਜਿਆ ਗਿਆ ਹੈ ਪਰ ਵਰਦੀਆਂ ਫਿਰ ਵੀ ਮੇਚ ਨਹੀਂ ਆ ਰਹੀਆਂ। ਲੋਕਾਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਆਪਣੇ ਅਧਿਆਪਕਾਂ ਤੇ ਅਧਿਕਾਰੀਆਂ 'ਤੇ ਭਰੋਸਾ ਕਰ ਕੇ ਸਕੂਲ ਵਿਕਾਸ ਕਮੇਟੀਆਂ ਰਾਹੀਂ ਵਰਦੀਆਂ ਤਿਆਰ ਕਰਵਾਏ ਤਾਂ ਜੋ ਵਿਦਿਆਰਥੀਆਂ ਨੂੰ ਸਰਦੀ ਵਾਲੀਆਂ ਵਰਦੀਆਂ ਸਰਦੀਆਂ 'ਚ ਮਿਲ ਸਕਣ।

'ਹਰਮਿੰਦਰ ਸਾਹਿਬ' ਦਾ ਬਦਲਿਆ ਗਿਆ ਨਾਂ ! ਸਿੱਖ ਸੰਗਤ 'ਚ ਭਾਰੀ ਰੋਸ |

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣੀਆਂ ਸੜਕੀ ਸੰਕੇਤ ਤਖ਼ਤੀਆਂ 'ਤੇ ਸੁਨਹਿਰੀ ਮੰਦਰ ਲਿਖ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਥਾਰਟੀ, ਕੇਂਦਰ ਤੇ ਪੰਜਾਬ ਸਰਕਾਰ ਨੂੰ ਗ਼ਲਤੀ ਨੂੰ ਫੌਰੀ ਤੌਰ 'ਤੇ ਦੂਰ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਭਾਰਤ ਸਰਕਾਰ ਸਬੰਧਤ ਵਿਭਾਗ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਉਣ ਵਾਲੇ ਰਸਤਿਆਂ ਸਬੰਧੀ ਲਾਏ ਗਏ ਸਾਈਨ ਬੋਰਡ 'ਤੇ ਲਿਖੇ 'ਸੁਨਿਹਰੀ ਮੰਦਰ' ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਉਨ੍ਹਾਂ ਗ਼ਲਤ ਬੋਰਡ ਉਤਾਰਨ ਲਈ ਵੀ ਕਿਹਾ ਹੈ।
ਸ੍ਰੀ ਦਰਬਾਰ ਸਾਹਿਬ ਜੀ ਨੂੰ ਆਉਣ ਵਾਲੇ ਰਸਤਿਆਂ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਰ ਲਿਖੇ ਜਾਣ 'ਤੇ ਸਿੱਖ ਸੰਗਤ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸੜਕਾਂ 'ਤੇ ਲੱਗੇ ਬੋਰਡ ਗ਼ਲਤ ਲਿਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਜਲੰਧਰ ਵਿੱਚ ਸੜਕ 'ਤੇ ਲੱਗੇ ਬੋਰਡ 'ਤੇ ਸ੍ਰੀ ਦੁਰਗਿਆਨਾ ਮੰਦਰ ਦੇ ਨਾਲ ਰੇਲਵੇ ਸਟੇਸ਼ਨ ਨਾਲ ਵੀ ਸ੍ਰੀ ਲਾ ਦਿੱਤਾ ਗਿਆ ਸੀ। ਉਂਝ ਵੀ ਕੌਮੀ ਸ਼ਾਹਰਾਹ 'ਤੇ ਪੰਜਾਬੀ ਲਿਖਣ ਵਿੱਚ ਗ਼ਲਤੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ। ਇੰਨੀ ਵੱਡੀ ਕੁਤਾਹੀ ਤੋਂ ਸਾਫ ਹੈ ਕਿ ਐਨਐਚਏਆਈ ਦੇ ਇਹ ਸੰਕੇਤ ਬੋਰਡ ਕਿੰਨੀ ਕੁ ਸਹੀ ਸੂਚਨਾ ਦਿੰਦੇ ਹਨ।

ਭਗਵੰਤ ਮਾਨ ਨੇ ਰੈਲੀ 'ਚ ਸੁਣਾਈ ਕੈਪਟਨ ਦੀ ਕਾਲ ਰਿਕਾਰਡਿੰਗ

ਪ੍ਰਸਿੱਧ ਕਾਮੇਡੀ ਕਲਾਕਾਰ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਮੁਕਾਬਲੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਵੀ ਚੋਣ ਪ੍ਰਚਾਰ ਵਿੱਚ ਕਾਮੇਡੀ ਕਲਾਕਾਰਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਮਾਨ ਦੀ ਕਾਮੇਡੀ ਨੂੰ ਕਾਮੇਡੀ ਅੰਦਾਜ਼ ਵਿਚ ਹੀ ਟੱਕਰ ਦਿੱਤੀ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕਾਮੇਡੀ ਕਲਾਕਾਰ ਭੋਟੂ ਸ਼ਾਹ ਨੂੰ ਆਪਣੇ ਚੋਣ ਪ੍ਰਚਾਰ ਲਈ ਉਤਾਰ ਦਿੱਤਾ ਹੈ। ਭੋਟੂ ਸ਼ਾਹ ਆਪਣੇ ਸਾਥੀ ਕਲਾਕਾਰਾਂ ਨਾਲ ਹਾਸਰਸ ਟੋਟਕਿਆਂ ਨਾਲ ਅਕਾਲੀ ਵੋਟਰਾਂ ਦਾ ਖੂਬ ਮੰਨੋਰੰਜਨ ਕਰ ਰਿਹਾ ਹੈ।
ਚਰਚਾ ਹੈ ਕਿ ਅਕਾਲੀ ਦਲ ਵਲੋਂ ਭਗਵੰਤ ਮਾਨ ਨੂੰ ਕਾਮੇਡੀ ਕਲਾਕਾਰਾਂ ਦੇ ਸਹਾਰੇ ਉਸੇ ਕਾਮੇਡੀ ਅੰਦਾਜ਼ ਵਿਚ ਟੱਕਰ ਦਿੱਤੀ ਜਾ ਰਹੀ ਹੈ। ਕਾਮੇਡੀ ਕਲਾਕਾਰ ਭੋਟੂ ਸ਼ਾਹ ਦਾ ਕਹਿਣਾ ਹੈ ਕਿ ਉਹ ਪਾਰਟੀ ਵਰਕਰ ਵਜੋਂ ਕੰਮ ਕਰ ਰਹੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਇਸ ਲਈ ਪਿੰਡਾਂ ਵਿਚ ਅਕਾਲੀ ਦਲ ਲਈ ਪ੍ਰਚਾਰ ਕਰ ਰਹੇ ਹਨ। ਇਸ ਸਬੰਧੀ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਕਲਾਕਾਰ ਉਨ੍ਹਾਂ ਲਈ ਕੋਈ ਵੋਟ ਨਹੀਂ ਮੰਗ ਰਹੇ ਪਰ ਚੋਣ ਪ੍ਰਚਾਰ ਦੌਰਾਨ ਉਹ ਅਗਲੇ ਪ੍ਰੋਗਰਾਮ ’ਤੇ ਪੁੱਜਣ ਤੋਂ ਲੇਟ ਹੋ ਜਾਂਦੇ ਹਨ ਜਿਸ ਕਰਕੇ ਓਨਾ ਚਿਰ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਦੇ ਹਨ।

ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਹੋਈ ਚੋਣ ਰੈਲੀ ਦੌਰਾਨ ਲੋਕ ਗਾਇਕ ਬਲਕਾਰ ਸਿੱਧੂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ। ਚੋਣ ਰੈਲੀ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਿਸੇ ਪਾਰਟੀ ਆਗੂ ਦੀ ਬਜਾਏ ਮੰਚ ਸੰਚਾਲਨ ਦੀ ਮਾਹਿਰ ਤੇ ਲੋਕ ਗਾਇਕਾ ਸਤਿੰਦਰ ਸੱਤੀ ਨੇ ਕੀਤੀ।